

ਮੱਲੀਆਂ ਕਲਾਂ (ਪੰਜਾਬ ਦੈਨਿਕ ਨਿਊਜ਼) ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਜੋੜਾ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਯੂ.ਕੇ. ਹੋਰਾਂ ਵੱਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ ਪਿੰਡ ਹੇਰਾਂ ਵਿਖੇ ਨਰਿੰਦਰ ਬੰਗਾ ਸਾਬਕਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ ਦੀ ਪ੍ਰੇਰਨਾਂ ਅਤੇ ਦੇਖ ਰੇਖ ਵਿੱਚ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਹੋਰਾਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਵਿੱਚ ਸਾਬਕਾ ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ ਯੂਕੇ, ਸਾਬਕਾ ਸੂਚਨਾਂ ਕਮਿਸ਼ਨਰ ਅਵਤਾਰ ਸਿੰਘ ਕਲੇਰ ਅਤੇ ਉੱਘੇ ਆਗੂ ਸਰਵਣ ਸਿੰਘ ਹੇਅਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਅਰੋੜਾ ਹਸਪਤਾਲ ਜਲੰਧਰ ਤੋਂ ਡਾਕਟਰ ਚਰਨਜੀਤ ਸਿੰਘ ਤੇ ਉਨਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਆਇਨਾਂ ਕੀਤਾ ਗਿਆ। ਅੱਖਾਂ ਦੇ ਲਗਾਏ ਗਏ ਇਸ ਮੁਫ਼ਤ ਕੈਂਪ ਦੇ ਵਿੱਚ 325 ਦੇ ਕਰੀਬ ਮਰੀਜ਼ਾਂ ਦਾ ਮੁਆਇਨਾਂ ਹੋਇਆ ਜਿਨਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ। 31 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਜਿਨਾਂ ਦੇ ਅੱਖਾਂ ਵਿੱਚ ਲੈਂਜ਼ ਪਾਏ ਜਾਣਗੇ ਜੋ ਕਿ ਮੁਫ਼ਤ ਹੋਣਗੇ ਅਤੇ ਮੁਫ਼ਤ ਹੀ ਦਵਾਈਆਂ ਦਿੱਤੀਆਂ ਜਾਣਗੀਆਂ। ਮਰੀਜ਼ਾਂ ਨੂੰ ਲੈ ਕੇ ਜਾਣ ਅਤੇ ਛੱਡਣ ਦਾ ਸਾਰਾ ਪ੍ਰਬੰਧ ਸਮਾਜ ਸੇਵੀਆਂ ਵੱਲੋਂ ਹੋਵੇਗਾ। ਸਮਾਜ ਸੇਵੀ ਮਹਿੰਦਰ ਕੌਰ ਖਟਕੜ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨਾਂ ਦੇ ਸਹਿਯੋਗ ਨਾਲ ਇਹ ਕੈਂਪ ਸਫਲ ਹੋਇਆ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਰੀਜ਼ ਕਿਸੇ ਵਜਾ ਤੋਂ ਆਪਰੇਸ਼ਨ ਤੋਂ ਰਹਿ ਜਾਂਦਾ ਹੈ ਤਾਂ ਉਸਦਾ ਮਗਰੋਂ ਵੀ ਆਪਰੇਸ਼ਨ ਕਰਵਾ ਦਿੱਤਾ ਜਾਵੇਗਾ। ਸਰਵਣ ਸਿੰਘ ਹੇਅਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਪ ਦੇ ਪ੍ਰਬੰਧਕ, ਸਮਾਜ ਸੇਵੀ ਪ੍ਰਵਾਸੀ ਭਾਰਤੀਆਂ ਅਤੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਹਨਾਂ ਵੱਲੋਂ ਸਾਬਕਾ ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ, ਸਮਾਜ ਸੇਵੀ ਪ੍ਰਵਾਸੀ ਹਰਬੰਸ ਸਿੰਘ ਖਟਕੜ, ਮਹਿੰਦਰ ਕੌਰ ਖਟਕੜ ਤੇ ਉੱਘੇ ਸਮਾਜ ਸੇਵੀ ਜੋੜੇ ਇੰਜੀ. ਨਰਿੰਦਰ ਬੰਗਾ ਤੇ ਕਮਲਜੀਤ ਬੰਗਾ, ਸਾਬਕਾ ਸੂਚਨਾਂ ਕਮਿਸ਼ਨਰ ਅਵਤਾਰ ਸਿੰਘ ਕਲੇਰ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ,ਗ੍ਰੰਥੀ ਕੁਲਦੀਪ ਸਿੰਘ, ਮਾਨਵਜੀਤ ਸਿੰਘ, ਹਰਜਿੰਦਰ ਸਿੰਘ, ਲਖਵਿੰਦਰ ਪੀਟਾ , ਹਰੀ ਰਾਮ ਤੇ ਹਸਪਤਾਲ ਦਾ ਸਟਾਫ਼ ਵੀ ਹਾਜ਼ਿਰ ਹੋਏ। ਗੁਰੂ ਦਾ ਲੰਗਰ ਸੰਗਤਾਂ ਵਿੱਚ ਅਤੁੱਟ ਵਰਤਿਆ।
ਮਰੀਜਾਂ ਦਾ ਮੁਆਇਨਾਂ ਕਰਦੇ ਹੋਏ ਡਾ. ਚਰਨਜੀਤ ਸਿੰਘ ਨਾਲ ਪ੍ਰਵਾਸੀ ਭਾਰਤੀ ਹਰਬੰਸ ਸਿੰਘ ਖਟਕੜ, ਮਹਿੰਦਰ ਕੌਰ ਖਟਕੜ, ਇੰਜ ਨਰਿੰਦਰ ਬੰਗਾ, ਕਮਲਜੀਤ ਬੰਗਾ ਤੇ ਹੋਰ ਆਗੂ
MUNISH TOKHI