ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਜਲੰਧਰ ਤਹਿਸੀਲ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਸਾਥੀ ਹਰੀਮੁਨੀ ਸਿੰਘ ਦੀ ਪ੍ਰਧਾਨਗੀ ਹੇਠ ਹਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੀ ਜਲੰਧਰ-ਕਪੂਰਥਲਾ ਜਿਲ੍ਹਾ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਨੇ ਕਿਹਾ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੀ ਅਗਵਾਈ ਹੇਠਲੇ ਫਿਰਕੂ-ਫਾਸ਼ੀ, ਹਿੰਦੂਤਵੀ ਟੋਲਿਆਂ ਵਲੋਂ ਫਿਰਕੂ ਤੇ ਜਾਤੀਵਾਦੀ ਵੰਡ ਤਿੱਖੀ ਕਰਨ ਅਤੇ ਮਨੂਵਾਦੀ ਵਿਵਸਥਾ ਦੀ ਦੇਸ਼ ਦੇ ਪ੍ਰਸ਼ਾਸਕੀ ਢਾਂਚੇ ਵਜੋਂ ਪੁਨਰ ਸਥਾਪਤੀ ਦੀ ਗਰਜ਼ ਨਾਲ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਅਤੇ ਦਲਿਤਾਂ-ਔਰਤਾਂ, ਕਬਾਇਲੀਆਂ ਤੇ ਹੋਰ ਹਾਸ਼ੀਆਗਤ ਆਬਾਦੀ ਸਮੂਹਾਂ ਉਪਰ ਘਾਤਕ ਹਮਲੇ ਕੀਤੇ ਜਾ ਰਹੇ ਹਨ। ਸਾਥੀ ਨਾਹਰ ਨੇ ਇਨ੍ਹਾਂ ਹਮਲਿਆਂ ਦੇ ਸਿੱਟੇ ਵਜੋਂ, ਲੱਖਾਂ ਸ਼ਹਾਦਤਾਂ ਤੇ ਲਾਸਾਨੀ ਕੁਰਬਾਨੀਆਂ ਸਦਕਾ ਹਾਸਲ ਕੀਤੀ ਦੇਸ਼ ਦੀ ਆਜ਼ਾਦੀ, ਪ੍ਰਭੂ ਸੰਪੰਨਤਾ, ਭਾਈਚਾਰਕ ਸਾਂਝ ਅਤੇ ਭੂਗੋਲਿਕ ਏਕਤਾ ਨੂੰ ਖੜ੍ਹੇ ਹੋਏ ਗੰਭੀਰ ਖਤਰਿਆਂ ਤੋਂ ਸੁਚੇਤ ਕਰਨ ਹਿਤ ਲੋਕਾਂ ਨੂੰ ਰਾਜਸੀ-ਵਿਚਾਰਧਾਰਕ ਪੱਖੋਂ ਜਾਗਰੂਕ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਰਤਮਾਨ ਸੰਵਿਧਾਨ ਅਤੇ ਜਨਵਾਦੀ, ਧਰਮ ਨਿਰਪੱਖ ਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗਰੰਟੀ ਕਰਦੇ ਫੈਡਰਲ ਢਾਂਚੇ ਦੀ ਰਾਖੀ ਕਰਨੀ ਅਤੇ ਧਰਮ ਅਧਾਰਤ ਕੱਟੜ ਹਿੰਦੂਤਵੀ-ਫਾਸਿਸਟ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਵੱਖਵਾਦੀ ਏਜੰਡੇ ਨੂੰ ਭਾਂਜ ਦੇਣੀ ਅਜੋਕੇ ਦੌਰ ਦੀ ਸੱਭ ਤੋਂ ਵੱਡੀ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਮਹਿੰਗਾਈ ਨੂੰ ਠੱਲ੍ਹ ਪਾਉਣ, ਸਮੁੱਚੀ ਵਸੋਂ ਲਈ ਇੱਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਰਗੇ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ, ਮਸਜਿਦ-ਮੰਦਰ ਤੇ ਧਰਮਾਂ-ਜਾਤਾਂ-ਇਲਾਕਿਆਂ-ਭਾਸ਼ਾਵਾਂ ਆਦਿ ਮੁੱਦਿਆਂ ਨੂੰ ਵਰਤ ਕੇ ਸਮਾਜਿਕ ਵਖਰੇਵੇਂ ਅਤੇ ਝਗੜੇ ਖੜ੍ਹੇ ਕਰਨ ਦੀਆਂ ਕੁਚਾਲਾਂ ਚੱਲ ਰਹੀ ਹੈ। ਦੇਸ਼ ਦੇ ਕੁਦਰਤੀ ਸੋਮੇ ਅਤੇ ਪਬਲਿਕ ਸੈਕਟਰ ਦੇ ਅਦਾਰੇ ਮੋਟੇ ਮੁਨਾਫ਼ੇ ਕਮਾਉਣ ਲਈ ਮੁਫਤੋ-ਮੁਫਤੀ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਸੌਂਪੇ ਸੌਂਪੇ ਜਾ ਰਹੇ ਹਨ। ਕਿਰਤੀਆਂ ਵਲੋਂ ਲਹੂ ਵੀਟਵੇਂ ਸੰਘਰਸ਼ਾਂ ਸਦਕਾ ਪ੍ਰਾਪਤ ਕੀਤੇ ਹੱਕ ਖੋਹੇ ਜਾ ਰਹੇ ਹਨ। ਇਸੇ ਕਰਕੇ ਦੇਸ਼ ਦੇ ਸਮੂਹ ਮਿਹਨਤਕਸ਼ਾਂ ਨੂੰ ਚੇਤੰਨ ਤੇ ਜੱਥੇਬੰਦ ਕਰਕੇ ਮੋਦੀ ਸਰਕਾਰ ਦੀਆਂ ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਤਿੱਖੇ-ਬੱਝਵੇਂ ਘੋਲ ਵਿੱਢਣੇ ਸਮੇਂ ਦੀ ਪਲੇਠੀ ਜਰੂਰਤ ਬਣ ਗਈ ਹੈ। ਜਿਲ੍ਹਾ ਪ੍ਰਧਾਨ ਨੇ ਅੱਗੋਂ ਕਿਹਾ ਕਿ ਕੇਂਦਰੀ ਹੁਕਮਰਾਨਾਂ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਦਰਿਆਈ ਪਾਣੀਆਂ ਦੀ ਨਿਆਈਂ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਲ ਕਰਨ, ਪੰਜਾਬੀ ਬੋਲੀ ਨੂੰ ਦੇਸ਼ ਭਰ ‘ਚ ਸਨਮਾਨ ਦੇਣ ਆਦਿ ਮਸਲੇ ਜਿਉਂ ਦੇ ਤਿਉਂ ਅਣਸੁਲਝੇ ਪਏ ਹਨ। ਉਤੋਂ ਚੰਡੀਗੜ੍ਹ ਵਿਖੇ ਹਰਿਆਣਾ ਦੀ ਰਾਜਧਾਨੀ ਉਸਾਰਨ ਲਈ ਜ਼ਮੀਨ ਤੇ ਪੈਸੇ ਦੇਣ ਅਤੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ‘ਚੋਂ ਸੂਬੇ ਦੀ ਨੁਮਾਇੰਦਗੀ ਖਤਮ ਕਰਨ ਵਰਗੇ ਫੈਸਲਿਆਂ ਰਾਹੀਂ ਸੂਬੇ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਦੇ ਇਸ ਧੱਕੇ-ਵਿਤਕਰੇ ਦਾ ਖਾਤਮਾ ਸਮੂਹ ਪੰਜਾਬੀਆਂ ਦੇ ਸਾਂਝਾ ਜਮਹੂਰੀ ਘੋਲ ਰਾਹੀਂ ਹੀ ਕੀਤਾ ਜਾ ਸਕਦਾ ਹੈ। ਸਾਥੀ ਨਾਹਰ ਨੇ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਲੋਕਾਂ ਨੂੰ ਇਹ ਸਮਝਾਉਣ ਲਈ ਕਿ ਦੇਸ਼ ਦਾ ਵਰਤਮਾਨ ਪੂੰਜੀਵਾਦੀ-ਜਗੀਰੂ ਢਾਂਚਾ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੇ ਉੱਕਾ ਹੀ ਸਮਰੱਥ ਨਹੀਂ। ਇਸ ਲਈ ਬਦਲਵਾਂ ਸਮਾਜਵਾਦੀ ਢਾਂਚਾ ਉਸਾਰਨ ਲਈ ਜੂਝਣਾ ਹੋਵੇਗਾ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਤਹਿਸੀਲ ਸਕੱਤਰ ਸਾਥੀ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਹੈ ਕਿ ਪਾਰਟੀ ਵਲੋਂ ਆਰੰਭੀ ਸਿਆਸੀ-ਵਿਚਾਰਧਾਰਕ ਮੁਹਿੰਮ ਤਹਿਤ ਸ਼ਹਿਰੀ ਮੁਹੱਲਿਆਂ ਅਤੇ ਨੇੜਲੇ ਪਿੰਡਾਂ ਵਿਚ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ। ਵਿੱਤ ਸਕੱਤਰ ਸਾਥੀ ਰਾਮ ਕਿਸ਼ਨ ਨੇ ਵੀ ਵਿਚਾਰ ਰੱਖੇ।
