ਜਲੰਧਰ/ ਰਾਮਾ ਮੰਡੀ /ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਪੂਰਨਪੁਰ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੇ ਕਤਲ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਦੀਪੂ ਮਹਾਤੋ ਪੁੱਤਰ ਹੀਰਾ ਮਹਾਤੋ ਮੂਲ ਨਿਵਾਸੀ ਵਾਰਡ ਨੰਬਰ 15, ਕਾਹਾਗੜ੍ਹ ਸਰਾਏ ਖਾਸ ਉੱਤਰੀ, ਚੰਪਾਰਣ, ਬਿਹਾਰ ਹਾਲ ਵਾਸੀ ਪਿੰਡ ਪੂਰਨਪੁਰ ਵਜੋਂ ਹੋਈ ਹੈ ਜੋਕਿ ਧਨਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪੂਰਨਪੁਰ ਦਾ ਖੁੰਹ ‘ਤੇ ਰਹਿੰਦਾ ਸੀ ਅਤੇ ਖੇਤ ਮਜ਼ਦੂਰੀ ਦਾ ਕੰਮ ਕਰਦਾ ਸੀ । ਪਿੰਡ ਪੂਰਨਪੁਰ ਵਿਖੇ ਵਾਪਰੇ ਇਸ ਕਤਲਕਾਂਡ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਆਦਮਪੁਰ ਸੁਮਿਤ ਸੂਦ ਤੇ ਐਸ.ਐਚ.ਓ ਥਾਣਾ ਪਤਾਰਾ ਬਲਜੀਤ ਸਿੰਘ ਹੁੰਦਲ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ । ਮੌਕੇ ‘ਤੇ ਇਕੱਤਰ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਤਲ ਦੇ ਮਾਮਲੇ ਦਾ ਉਸ ਵੇਲੇ ਪਤਾ ਲੱਗਾ ਜਦੋਂ ਕਤਲ ਕਰਨ ਵਾਲਿਆਂ ‘ਚੋਂ ਇੱਕ ਮੁਲਜ਼ਮ ਮ੍ਰਿਤਕ ਦੇਹ ਨੂੰ ਕਮਾਦ ਦੇ ਖੇਤ ਵਿੱਚ ਘੜੀਸ ਕੇ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਨਜ਼ਦੀਕ ਹੀ ਕੰਮ ਕਰ ਰਹੇ ਮਜ਼ਦੂਰਾਂ ‘ਤੇ ਹੋਰ ਲੋਕਾਂ ਨੇ ਵੇਖ ਲਿਆ ਤੇ ਪੁਲਿਸ ਟੀਮ ਨੂੰ ਸੂਚਿਤ ਕੀਤਾ । ਪੁਲਿਸ ਟੀਮ ਦੇ ਆਉਣ ਤੋਂ ਪਹਿਲਾਂ ਮੁਲਜ਼ਮ ਮ੍ਰਿਤਕ ਦੀ ਨਗਨ ਲਾਸ਼ ਨੂੰ ਕਮਾਦ ਦੇ ਖੇਤ ਵਿੱਚ ਸੁੱਟ ਕੇ ਫ਼ਰਾਰ ਹੋ ਗਿਆ ਸੀ । ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਰਾਊਂਡ-ਅੱਪ ਵੀ ਕੀਤਾ ਪਰ ਦੇਰ ਸ਼ਾਮ ਤੱਕ ਕੁਝ ਵੀ ਸਾਫ ਨਹੀਂ ਹੋ ਸਕਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਟੀਮ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪਰ ਅਜੇ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ । ਉਨ੍ਹਾਂ ਦੱਸਿਆ ਕਿ ਪਿੰਡ ਦੇ ਵਸਨੀਕਾਂ ਤੇ ਘਟਣਾ ਵਾਲੀ ਥਾਂ ਦੇ ਆਸ-ਪਾਸ ਰਹਿੰਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਅਤੇ ਬਹੁਤ ਜਲਦ ਕਤਲ ਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ । ਫਿਲਹਾਲ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਰਖਵਾ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ।