ਨਕੋਦਰ 12 ਅਗਸਤ ( ਪੰਜਾਬ ਦੈਨਿਕ ਨਿਊਜ਼) ਦਿਹਾਤੀ ਮਜ਼ਦੂਰ ਸਭਾ ਤਹਿਸੀਲ ਨਕੋਦਰ ਦੀ ਜਥੇਬੰਦਕ ਕਾਨਫਰੰਸ ਪਿੰਡ ਮਾਹੂੰਵਾਲ ਸਾਥੀ ਬਲਵੀਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਜਥੇਬੰਦੀ ਦੇ ਸੂਬਾ ਜੁਆਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦੇਸ਼ ਦੀ ਆਜ਼ਾਦੀ ਲਈ ਦੇਸ਼ ਭਗਤਾਂ, ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਕੁਰਬਾਨੀਆਂ ਕੀਤੀਆਂ। ਉਨ੍ਹਾਂ ਚਿਤਵਿਆ ਸੀ ਕਿ ਆਜ਼ਾਦੀ ਤੋਂ ਬਾਅਦ ਲੋਕਾਂ ਦੀਆਂ ਬੁਨਿਆਦੀ ਲੋੜਾਂ ਰੋਟੀ, ਕੱਪੜਾ, ਮਕਾਨ ਦੀਆਂ ਪੂਰੀਆਂ ਹੋਣਗੀਆਂ। ਪਰ ਰਾਜਸਤਾ ਤੇ ਕਾਬਜ਼ ਹਾਕਮਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਦੇਸ਼ ਵਿੱਚ ਗਰੀਬੀ , ਬੇਕਾਰੀ ਅਤੇ ਮਹਿੰਗਾਈ ਵਧਦੀ ਗਈ ਲੋਕ ਦੋ ਡੰਗ ਦੀ ਰੋਟੀ ਤੋਂ ਆਤਰ ਹੋ ਗਏ। ਇਨ੍ਹਾਂ ਹਾਲਾਤਾਂ ਵਿੱਚ ਦਿਹਾਤੀ ਮਜ਼ਦੂਰ ਸਭਾ ਦਾ ਗਠਨ ਕੀਤਾ ਗਿਆ ਸੀ । ਜਥੇਬੰਦੀ ਨੇ ਮਜ਼ਦੂਰਾਂ ਦੀਆਂ ਮੰਗਾਂ ਤੇ ਮਸਲਿਆਂ ਦੀ ਨਿਸ਼ਾਨਦੇਹੀ ਕਰਕੇ ਤਿੱਖੇ ਸੰਘਰਸ਼ ਕੀਤੇ ਤੇ ਕੁਝ ਪ੍ਰਾਪਤੀਆਂ ਵੀ ਕੀਤੀਆਂ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਦੇ ਬਜਟ ਵਿੱਚ ਹਰ ਸਾਲ ਕਟੌਤੀ ਕਰਕੇ ਰੁਜ਼ਗਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਕੀਤੇ ਕੰਮਾਂ ਦੇ ਪੈਸੇ ਨਹੀਂ ਮਿਲ ਰਹੇ ਹਨ ।ਮਿਹਨਤੀ ਲੋਕਾਂ ਨੇ ਸੰਘਰਸ਼ਾਂ ਰਾਹੀਂ ਬਣਵਾਏ ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਨਾਂ ਤੇ 44 ਕਿਰਤ ਕਾਨੂੰਨਾਂ ਨੂੰ ਤੋੜ ਕੇ 4 ਕੋਡ ਬਣਾ ਕੇ ਅਜਾਰੇਦਾਰਾਂ ਨੂੰ ਲੁੱਟ ਕਰਨ ਦੀਆਂ ਖੁੱਲਾਂ ਦੇ ਦਿੱਤੀਆਂ ਗਈਆਂ ਹਨ ਤੇ ਕਾਰਪੋਰੇਟ ਘਰਾਣਿਆਂ ਨੂੰ ਪਬਲਿਕ ਸੈਕਟਰ ਦੇ ਅਦਾਰੇ ਕੋਡੀਆਂ ਦੇ ਭਾਅ ਵੇਚ ਦਿੱਤੇ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਆਈ ਭਗਵੰਤ ਮਾਨ ਸਰਕਾਰ ਨੇ ਮਜ਼ਦੂਰਾਂ ਨੂੰ ਕਈ ਗਰੰਟੀਆਂ ਦਿੱਤੀਆਂ ਪਰ ਪੂਰੀਆਂ ਨਹੀਂ ਕੀਤੀਆਂ ਗਈਆਂ। ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਵਾਲ਼ੀ ਗਰੰਟੀ ਮਜ਼ਾਕ ਬਣ ਕੇ ਰਹਿ ਗਈ ਹੈ । ਬੁਢਾਪਾ ਵਿਧਵਾ ਅੰਗਹੀਣਾਂ ਤੇ ਆਸ਼ਰਿਤਾਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਗਰੀਬ ਲੋਕਾਂ ਦੇ ਕੱਟੇ ਹੋਏ ਨੀਲੇ ਕਾਰਡ ਬਹਾਲ ਨਹੀਂ ਕੀਤੇ ਜਾ ਰਹੇ ਤੇ ਨਾ ਹੀ ਰਹਿੰਦੇ ਨਵੇਂ ਕਾਰਡ ਬਣਾਏ ਜਾ ਰਹੇ ਹਨ, ਬੇਘਰਿਆਂ ਨੂੰ ਰਿਹਾਇਸ਼ੀ ਪਲਾਟ ਨਹੀਂ ਦਿੱਤੇ ਜਾ ਰਹੇ । ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਮਲਸੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਮਨੋਹਰ ਸਿੰਘ ਗਿੱਲ ਅਤੇ ਦਲਵਿੰਦਰ ਸਿੰਘ ਕੁਲਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਸ਼ਾਮਲ ਡੈਲੀਗੇਟਾਂ ਨੇ ਉਸਾਰੂ ਬਹਿਸ ਕਰਕੇ ਭਰਪੂਰ ਹਿੱਸਾ ਪਾਇਆ। ਤਹਿਸੀਲ ਸਕੱਤਰ ਵਲੋਂ ਪੇਸ਼ ਰਿਪੋਰਟ ਸਰਵਸੰਮਤੀ ਨਾਲ ਪਾਸ ਕੀਤੀ ਗਈ। ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ 21 ਮੈਂਬਰੀ ਨਵੀਂ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ 20 ਸੀਟਾਂ ਪੁਰ ਕਰ ਲਈਆਂ ਗਈਆਂ ਇੱਕ ਸੀਟ ਖਾਲੀ ਰੱਖੀ ਗਈ ਜਿਸ ਵਿਚ ਸਤਪਾਲ ਸਹੋਤਾ ਪ੍ਰਧਾਨ, ਬਲਕਾਰ ਸਿੰਘ ਨੂਰਪੁਰ ਸੀਨੀਅਰ ਮੀਤ ਪ੍ਰਧਾਨ, ਦੇਵ ਮੱਲੀਆਂ , ਨਛੱਤਰ ਨਾਹਰ ਸਰਬਜੀਤ ਢੇਰੀਆਂ ਮੀਤ ਪ੍ਰਧਾਨ, ਬਲਵੀਰ ਕਾਲਾ ਰਸੂਲਪੁਰ ਸਕੱਤਰ, ਦਲਵੀਰ ਸਹੋਤਾ, ਗੁਰਪ੍ਰੀਤ ਗੋਰਾ, ਹਰਜਿੰਦਰ ਬਜੂਹਾ ਜੁਆਇੰਟ ਸਕੱਤਰ ਅਤੇ ਬਖਸ਼ੀ ਪੰਡੋਰੀ ਖਜਾਨਚੀ ਚੁਣੇ ਗਏ। ਨਵੇਂ ਚੁਣੇ ਪ੍ਰਧਾਨ ਨੇ ਆਏ ਡੈਲੀਗੇਟਾਂ ਅਤੇ ਨਗਰ ਨਿਵਾਸੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
