ਜਲੰਧਰ ਰਾਮਾ ਮੰਡੀ /ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਦਿਹਾਤੀ ਖੇਤਰ ‘ਚ ਵਧਦੀਆਂ ਜਾ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਪਿੰਡ ਬੋਲੀਨਾ ਦੋਆਬਾ ਵਿਖੇ ਸਰਪੰਚ ਕੁਲਵਿੰਦਰ ਬਾਘਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਠੀਕਰੀ ਪਹਿਰੇ ਦੌਰਾਨ ਸਰਪੰਚ ਬਾਘਾ ਨੇ ਨਜ਼ਦੀਕੀ ਟਾਵਰ ਤੋਂ ਐਲ.ਸੀ.ਯੂ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦ ਉਹ ਠੀਕਰੀ ਪਹਿਰੇ ‘ਤੇ ਪਿੰਡ ਵਾਸੀਆਂ ਨਾਲ ਮੌਜੂਦ ਸਨ ਤਾ ਉਨ੍ਹਾਂ ਜੁਗਾੜੂ ਰੇਹੜੀ ਚਲਾ ਰਹੇ ਨੌਜਵਾਨਾਂ ਨੂੰ ਰੋਕਿਆ ਜਿਸ ‘ਤੇ ਤਰਪਾਲ ਹੇਠ ਕੁਝ ਲੁਕੋਇਆ ਹੋਇਆ ਸੀ । ਉਨ੍ਹਾਂ ਦੱਸਿਆ ਕਿ ਜਦ ਤਰਪਾਲ ਹਟਾ ਕੇ ਵੇਖਿਆ ਗਿਆ ਤਾਂ ਉਸ ਥੱਲੇ ਮੋਬਾਈਲ ਟਾਵਰ ਨੂੰ ਚਲਾਉਣ ਵਾਲੀਆਂ 2 ਐਲਸੀਯੂ ਕੋਇਲਾਂ, ਤਾਰਾਂ ਕੱਟਣ ਲਈ ਕਟਰ, ਚਾਬੀਆਂ ਤੇ ਪਾਨੇ ਆਦਿ ਸਨ । ਬਾਘਾ ਨੇ ਦੱਸਿਆ ਕਿ ਜਦ ਸਖਤੀ ਨਾਲ ਉਕਤ ਨੌਜਵਾਨਾਂ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਇਹ ਕੌਇਲਾਂ ਜੌਹਲਾਂ ਸਥਿਤ ਮੋਬਾਈਲ ਟਾਵਰ ਤੋਂ ਚੋਰੀ ਕਰਕੇ ਲਿਆਏ ਹਨ ਅਤੇ ਚੋਰੀ ਦੀ ਵਾਰਦਾਤ ਟਾਵਰ ਦੇ ਇੰਜੀਨੀਅਰ ਸੁਮਿਤ ਚੌਹਾਨ ਦੇ ਕਹਿਣ ‘ਤੇ ਕੀਤੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਟਾਵਰ ਦੇ ਇੰਜੀਨੀਅਰ ਤੇ ਚੋਰੀ ਦੀ ਵਾਰਦਾਤ ਦੇ ਮੁੱਖ ਸਾਜਿਸ਼ਕਰਤਾ ਸੁਮਿਤ ਚੌਹਾਨ ਨੂੰ ਵੀ ਮੌਕੇ ‘ਤੇ ਬੁਲਾ ਲਿਆ ਅਤੇ ਥਾਣਾ ਪਤਾਰਾ ਦੀ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ ।ਇਸ ਸਬੰਧੀ ਜਦ ਐਸ.ਐਚ.ਓ ਪਤਾਰਾ ਬਲਜੀਤ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਪਛਾਣ ਮੁੱਖ ਸ਼ਾਜਿਸ਼ ਕਰਤਾ ਸੁਮਿਤ ਚੌਹਾਨ ਵਾਸੀ ਹਲੋਨ ਕਲਾਂ, ਕਾਂਗੜਾ, ਹਿਮਾਚਲ, ਹਾਲਵਾਸੀ ਚੁੱਗਿਟੀ ਜਲੰਧਰ, ਰਾਜੇਸ਼ ਕੁਮਾਰ ਵਾਸੀ ਹਮੀਦਪੁਰ ਥਾਣਾ ਦੋਸਤਪੁਰ ਜ਼ਿਲ੍ਹਾ ਸੁਲਤਾਨਪੁਰ, ਉੱਤਰ ਪ੍ਰਦੇਸ਼ ਹਾਲਵਾਸੀ ਪਿੰਡ ਪਤਾਰਾ ਥਾਣਾ ਪਤਾਰਾ ਜਿਲਾ ਜਲੰਧਰ, ਜੁੱਗੀ ਲਾਲ ਵਾਸੀ ਬੁਲਾਨਪੁਰ, ਥਾਣਾ ਇਨਾਇਨ ਨਗਰ, ਜ਼ਿਲ੍ਹਾ ਅਯੁੱਧਿਆ, ਉੱਤਰ ਪ੍ਰਦੇਸ਼, ਹਾਲਵਾਸੀ ਪਿੰਡ ਪਤਾਰਾ, ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ ਅਤੇ ਸੰਤੌਸ਼ ਕੁਮਾਰ ਉਰਫ਼ ਰਾਮ ਮਨੋਹਰ ਵਾਸੀ ਪੂਰਵ ਵਖਰਾ, ਥਾਣਾ ਸ਼ੁਕਰਬਜਾਰ ਜ਼ਿਲ੍ਹਾ ਅਮੇਠੀ, ਉੱਤਰ ਪ੍ਰਦੇਸ਼ ਹਾਲਵਾਸੀ ਲੱਧੇਵਾਲੀ, ਜਲੰਧਰ ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ 02 ਐਲ.ਸੀ.ਯੂ, ਇੱਕ ਹੈੱਡ ਗਰਾਇੰਡਰ ਸਮੇਤ ਬਲੇਡ, 09 ਚਾਬੀਆਂ, 02 ਪਾਨੇ, ਇੱਕ ਗੋਟੀ, ਇੱਕ ਸ਼ੈਣੀ, ਮੁੱਖ ਸਾਜਿਸ਼ਕਰਤਾ ਸੁਮਿਤ ਚੌਹਾਨ ਦੀ ਗੱਡੀ ਨੰਬਰੀ PB-08-EP-7059 ਮਾਰਕਾ ਅਲਟੋ ਅਤੇ ਜੁਗਾੜੂ ਰੇਹੜੀ ਨੰਬਰੀ PB-08-BB-2160 ਬਰਾਮਦ ਕਰਕੇ ਥਾਣਾ ਪਤਾਰਾ ਵਿਖੇ ਬੀਐਨਸੀ ਦੀ ਧਾਰਾ 303(2)/317(2)/61(2) ਅਧੀਨ ਮੁਕੱਦਮਾਂ ਨੰਬਰ-33 ਦਰਜ ਕਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇਂਦਰੀ ਜੇਲ ਕਪੂਰਥਲਾ ਵਿਖੇ ਬੰਦ ਕਰਵਾ ਦਿੱਤਾ ਗਿਆ ਹੈ ।
ਲੋਨ ਦੇ ਪੈਸੇ ਚੁਕਾਉਣ ਲਈ ਸੁਮਿਤ ਚੌਹਾਨ ਨੇ ਖੁਦ ਕਰਵਾਈ ਚੋਰੀ
ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸਾਮ੍ਹਣੇ ਆਇਆ ਹੈ ਕਿ ਇੰਜੀਨੀਅਰ ਸੁਮਿਤ ਚੌਹਾਨ ਨੇ ਹੀ ਬਾਕੀ ਫੜੇ ਗਏ ਮੁਲਜ਼ਮਾਂ ਨਾਲ ਮਿਲ ਕੇ ਸਾਜਿਸ਼ ਤਹਿਤ ਖੁਦ ਆਪ ਟਾਵਰ ਤੋਂ ਚੋਰੀ ਕਰਵਾਈ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਮਿਤ ਚੌਹਾਨ ਨੇ ਕਬੂਲ ਕੀਤਾ ਹੈ ਕਿ ਉਸਨੇ ਕਿਸੇ ਫਾਈਨੈਂਸਰ ਪਾਸੋਂ 16 ਹਜ਼ਾਰ ਰੁਪਏ ਲੋਨ ਲਿਆ ਹੋਇਆ ਸੀ, ਜਿਸਨੂੰ ਵਾਪਿਸ ਚੁਕਾਉਣ ‘ਚ ਉਹ ਅਸਮਰਥ ਸੀ । ਸੁਮਿਤ ਨੇ ਦੱਸਿਆ ਕਿ ਫਾਈਨੈਂਸਰ ਉਸਨੂੰ ਧਮਕੀਆਂ ਦੇ ਰਹੇ ਸਨ ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸਨੇ ਚੋਰੀ ਕਰਵਾਉਣ ਦੀ ਸਾਜਿਸ਼ ਰਚੀ ਅਤੇ ਉਸਨੇ ਕਬਾੜੀਆਂ ਨਾਲ ਮਿਲ ਕੇ ਇਹ ਚੋਰੀ ਕਰਵਾਈ ਪਰ ਸਫਲ ਨਹੀਂ ਹੋ ਸਕੇ ।
ਡੀ.ਐਸ.ਪੀ ਆਦਮਪੁਰ ਸੁਮਿਤ ਸੂਦ ਅੱਧੀ ਰਾਤ ਖੁਦ ਪਹੁੰਚੇ ਥਾਣਾ ਪਤਾਰਾ
ਬੀਤੀ ਰਾਤ ਕਰੀਬ ਇੱਕ ਵਜੇ ਸਰਪੰਚ ਕੁਲਵਿੰਦਰ ਬਾਘਾ ਵੱਲੋਂ ਇਸ ਸਾਰੇ ਘਟਨਾਕ੍ਰਮ ਦੀ ਸੂਚਨਾ ਡੀਐਸਪੀ ਆਦਮਪੁਰ ਸੁਮਿਤ ਸੂਦ ਨੂੰ ਦਿੱਤੀ ਗਈ, ਜਿਸ ਉਪਰੰਤ ਡੀਐਸਪੀ ਆਦਮਪੁਰ ਸੁਮਿਤ ਸੂਦ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਪਤਾਰਾ ਵਿਖੇ ਪਹੁੰਚ ਗਏ ਅਤੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਖੁਦ ਮੌਕੇ ‘ਤੇ ਮੌਜੂਦ ਰਿਹ ਕੇ ਕਰਵਾਈ । ਇਸ ਸਬੰਧੀ ਪੰਜਾਬ ਦੈਨਿਕ ਨਿਊਜ਼ ਨਾਲ ਗੱਲਬਾਤ ਕਰਦਿਆਂ ਡੀਐਸਪੀ ਆਦਮਪੁਰ ਸੁਮਿਤ ਸੂਦ ਨੇ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨਾ ਪੁਲਿਸ ਪ੍ਰਸ਼ਾਸਨ ਲਈ ਸਭ ਤੋਂ ਪਹਿਲਾਂ ਹੈ ਅਤੇ ਇਸ ਲਈ ਜ਼ਿਲ੍ਹੇ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਹਮੇਸ਼ਾ ਤਿਆਰ ਰਹਿੰਦਾ ਹੈ । ਉਨ੍ਹਾਂ ਕਿਹਾ ਕਿ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਅਤੇ ਪਿੰਡ ਵਾਸੀਆਂ ਵਾਂਗ ਸਾਰੇ ਨਾਗਰਿਕਾਂ ਨੂੰ ਹਮੇਸ਼ਾ ਸੂਚੇਤ ਰਹਿਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਨੂੰ ਵੀ ਕਿਸੇ ਵੀ ਹਾਲਾਤ, ਕਿਸੇ ਵਸਤੂ ਯਾਂ ਕਿਸੇ ਵਿਅਕਤੀ ‘ਤੇ ਸ਼ੱਕ ਲਗਦਾ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ।