







ਜਲੰਧਰ ਕੈਂਟ/ ਪਤਾਰਾ ( ਜੇ.ਪੀ ਸੋਨੂੰ) ਸ਼ਹਿਰ ਦੀ ਧਰਾਸ਼ਾਈ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਠੇਂਗਾ ਵਿਖਾਉਂਦਿਆਂ ਚੋਰਾਂ ਨੇ ਚਿੱਟੇ ਦਿਨ ਇੱਕ ਬੈਂਕ ਕਰਮਚਾਰੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਅਤੇ ਫ਼ਰਾਰ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆਂ ਪੀੜਤ ਸੁਮਿਤ ਨੇ ਦੱਸਿਆ ਕਿ ਆਦਮਪੁਰ ਵਿਖੇ ਯੂਨੀਅਨ ਬੈਂਕ ਆਫ ਇੰਡੀਆ ਵਿੱਚ ਕੰਮ ਕਰਦਾ ਹੈ ਅਤੇ ਬੀਤੇ ਦਿਨ ਕਰੀਬ ਚਾਰ ਵਜੇ ਬੈਂਕ ਤੋਂ ਛੁੱਟੀ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਪਿੰਡ ਕੰਗਣੀਵਾਲ ਤੋਂ ਯੁਨੀਵਰਸਿਟੀ ਰੋਡ ‘ਤੇ ਬ੍ਰਿਟਿਸ਼ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਨਜ਼ਦੀਕੀ ਉਹ ਲੁੱਟ ਦਾ ਸ਼ਿਕਾਰ ਹੋ ਗਿਆ ।
ਸੁਮਿਤ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਤਾਂ ਅਚਾਨਕ ਇਕ ਮੋਟਰਸਾਈਕਲ ‘ਤੇ ਦੋ ਨੌਜਵਾਨਾਂ ਨੇ ਉਸਦੇ ਸਾਮ੍ਹਣੇ ਮੋਟਰਸਾਈਕਲ ਰੋਕ ਦਿੱਤਾ ਅਤੇ ਨਾਲ ਹੀ ਇੱਕ ਐਕਟਿਵਾ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸਦੇ ਪਿੱਛੇ ਸਕੂਟਰੀ ਲਗਾ ਲਈ ਅਤੇ ਚਾਕੂ ਕੱਢ ਲਏ । ਸੁਮਿਤ ਨੇ ਦੱਸਿਆ ਕਿ ਜਦ ਉਸਨੇ ਆਪਣਾ ਕਿੱਟ-ਬੈਗ ਦੇਣ ਤੋਂ ਇੰਨਕਾਰ ਕੀਤਾ ਤਾਂ ਲੁਟੇਰਿਆਂ ਨੇ ਦਾਤ ਮਾਰਨੜਦੀ ਧਮਕੀ ਦਿੱਤੀ, ਜਿਸਤੋਂ ਡਰਦੇ ਹੋਏ ਉਸਨੇ ਆਪਣਾ ਬੈਗ ਲੁਟੇਰਿਆਂ ਨੂੰ ਦੇ ਦਿੱਤਾ, ਜਿਸ ਵਿੱਚ ਕਰੀਬ 20 ਹਜ਼ਾਰ ਰੁਪਏ ਨਕਦੀ, ਉਸਦਾ ਡਰਾਈਵਿੰਗ ਲਾਇਸੈਂਸ, ਅਧਾਰ ਕਾਰਡ, ਦੋ ਕ੍ਰੈਡਿਟ ਕਾਰਡ, ਇੱਕ ਡੈਬਿਟ ਕਾਰਡ, ਉਸਦੇ ਲਾਕਰ ਦੀ ਚਾਬੀ ਅਤੇ ਉਸਦਾ ਮੋਬਾਈਲ ਫੋਨ ਮੌਜੂਦ ਸੀ ਲੈ ਕੇ ਫ਼ਰਾਰ ਹੋ ਗਏ । ਸੁਮਿਤ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ‘ਚ ਵਰਤੇ ਮੋਟਰਸਾਈਕਲ ਤੇ ਐਕਟਿਵਾ ਨਵੇਂ ਸਨ ਤੇ ਦੋਵਾਂ ਵਾਹਨਾਂ ਦੇ ਪਿੱਛੇ ਨੰਬਰ ਪਲੇਟ ਨਹੀਂ ਸੀ ਅਤੇ ਚਾਰਾਂ ਨੌਜਵਾਨਾਂ ‘ਚ ਤਿੰਨ ਮੁੰਡੇ ਮੋਨੇ ਸਨ ਅਤੇ ਇੱਕ ਸਰਦਾਰ ਮੁੰਡਾ ਸੀ । ਉਸਨੇ ਦੱਸਿਆ ਕਿ ਉਸਨੇ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ 112 ਨੰਬਰ ‘ਤੇ ਕਾਲ ਕਰਕੇ ਪੁਲਿਸ ਸਹਾਇਤਾ ਮੰਗਵਾਈ, ਜਿਸਤੋਂ ਬਾਅਦ ਥਾਣਾ ਪਤਾਰਾ ਦੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸਦੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ।
ਓਧਰ ਇਸ ਸਬੰਧੀ ਜਦ ਥਾਣਾ ਪਤਾਰਾ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੁੱਟ ਦੇ ਸ਼ਿਕਾਰ ਹੋਏ ਸੁਮਿਤ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 379-ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਤੋਂ ਮਿਲੀ ਸੀਸੀਟੀਵੀ ਫੁਟੇਜ ‘ਚ ਚਾਰੇ ਮੁਲਜ਼ਮ ਵਿਖਾਈ ਦੇ ਰਹੇ ਹਨ, ਜਿਨ੍ਹਾਂ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮ ਬਹੁਤ ਜਲਦ ਪੁਲਿਸ ਗ੍ਰਿਫਤ ‘ਚ ਹੋਣਗੇ ।










