ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) 2 ਪੰਜਾਬ ਐੱਨ ਸੀ ਸੀ ਬਟਾਲੀਅਨ ਵਲੋਂ ਬ੍ਰਿਟਿਸ਼ ਉਲੀਵਿਆ ਸਕੂਲ , ਰਾਮਾ ਮੰਡੀ ਵਿੱਚ ਭਾਰਤੀ ਸੈਨਾਵਾਂ ਵਿੱਚ ਕਮਿਸ਼ਨ ਪ੍ਰਾਪਤ ਕਰਕੇ ਅਫ਼ਸਰ ਬਣਨ ਦੇ ਅਵਸਰਾਂ ਸਬੰਧੀ ਇਕ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ ਗਿਆ। ਬਟਾਲੀਅਨ ਕਮਾਂਡਰ ਕਰਨਲ ਵਿਨੋਦ ਜੋਸ਼ੀ ਨੇ ਪ੍ਰੈਸ ਰਿਲੀਜ਼ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ ਦੇ ਐੱਨ ਸੀ ਸੀ ਕੈਡਿਟਾਂ ਅਤੇ ਹੋਰ ਵਿਦਿਆਰਥੀਆਂ ਨੂੰ ਭਾਰਤੀ ਥਲ ਸੈਨਾ, ਹਵਾਈ ਸੈਨਾ, ਜਲ ਸੈਨਾ ਅਤੇ ਅਗਨੀਵੀਰ ਦੀ ਭਰਤੀ ਪ੍ਰਕਿਰਿਆ ਦੇ ਵੱਖ ਪੜਾਵਾਂ ਅਤੇ ਇਸਦੀ ਤਿਆਰੀ ਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਭਾਰਤ ਦੇ ਭਵਿੱਖ ਦੇ ਨਾਗਰਿਕਾਂ ਨੂੰ ਆਸ਼ਾਵਾਦੀ ਤਰੀਕੇ ਨਾਲ ਜ਼ਿੰਦਗੀ ਜਿਊਣ ਦੀ ਕਲਾ ਵੀ ਸਿਖਾਈ। ਕਰਨਲ ਜੋਸ਼ੀ ਨੇ ਤਿੰਨਾਂ ਸੈਨਾਵਾਂ ਦੇ ਸੰਗਠਨ ਅਤੇ ਇੰਨ੍ਹਾਂ ਦੇ ਵੱਖ ਵੱਖ ਅੰਗਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਸੈਨਾ ਵਿਚ ਅਫ਼ਸਰ ਬਣਨ ਲਈ ਸਿੱਖਿਅਕ ਯੋਗਤਾਵਾਂ ਅਤੇ ਕਠਿਨ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਉਹ ਭਵਿੱਖ ਵਿਚ ਭਾਰਤੀ ਸਰਹੱਦਾਂ ਦੇ ਮਜ਼ਬੂਤ ਪਹਿਰੇਦਾਰ ਬਣ ਸਕਣ। ਸੈਨਾ ਦੇ ਵਿੱਚ ਸਿਵਲ ਨਿਯੁਕਤੀਆਂ ਬਾਰੇ ਵੀ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਾਂਝ ਪਾਈ। ਉਨ੍ਹਾਂ ਕਿਹਾ ਕਿ ਸੈਨਾ ਹਰਫ਼ਨਮੌਲਾ ਨੌਜਵਾਨਾਂ ਨੂੰ ਮੌਕਾ ਦਿੰਦੀ ਹੈ, ਇਸ ਲਈ ਪੜ੍ਹਾਈ ਦੇ ਨਾਲ ਖੇਡਾਂ ਅਤੇ ਹੋਰ ਸਰਗਰਮੀਆਂ ਵਿੱਚ ਵੀ ਭਾਗ ਲੈਣਾ ਵਿਦਿਆਰਥੀਆਂ ਲਈ ਜ਼ਰੂਰੀ ਹੈ। ਉਨ੍ਹਾਂ ਕੈਡਿਟਾਂ ਨੂੰ ਰਾਸ਼ਟਰੀ ਕੈਂਪਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਨੂੰ ਕਿਹਾ। ਲੈਕਚਰ ਤੋਂ ਬਾਅਦ ਕਰਨਲ ਜੋਸ਼ੀ ਨੇ 2022 ਦੇ ਕੈਡਿਟਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਵਿਜੇ ਮੈਨੀ, ਡਾਇਰੈਕਟਰ ਸ਼੍ਰੀਮਤੀ ਮੋਨਿਕਾ ਮੈਨੀ, ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਸਹਿਗਲ, ਅਧਿਆਪਕ ਅਤੇ 250 ਦੇ ਲਗਭਗ ਵਿਦਿਆਰਥੀ ਹਾਜ਼ਿਰ ਸਨ। ਪ੍ਰੋਗਰਾਮ ਦਾ ਸੰਚਾਲਨ ਸੀ ਐੱਚ ਐੱਮ ਤਲਵਿੰਦਰ ਸਿੰਘ ਅਤੇ ਸੀ ਐੱਚ ਐੱਮ ਪ੍ਰਦੀਪ ਕੁਮਾਰ ਨੇ ਬਾਖੂਬੀ ਕੀਤਾ।









