

ਜਲੰਧਰ,20 ਅਕਤੂਬਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਨਕਲਾਬੀ ਧਿਰਾਂ ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਸਾਂਝੇ ਤੌਰ ‘ਤੇ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਬੰਬਾਰੀ ਦੇ ਖਿਲਾਫ਼ 22 ਅਕਤੂਬਰ ਨੂੰ ਜਲੰਧਰ ਵਿਖੇ ਮਾਝਾ ਦੁਆਬਾ ਜੋਨ ਪੱਧਰੀ ਕੀਤੇ ਜਾ ਰਹੇ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਮੁਜ਼ਾਹਰੇ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਤੋਂ ਮਿਹਨਤੀ ਲੋਕ ਸ਼ਮੂਲੀਅਤ ਕਰਨਗੇ। ਇਸ ਉਪਰੰਤ 26 ਅਕਤੂਬਰ ਮਾਲਵਾ ਖੇਤਰ ਦਾ ਜੋਨ ਪੱਧਰੀ ਪ੍ਰਦਰਸ਼ਨ ਮੋਗਾ ਵਿਖੇ ਕੀਤਾ ਜਾਵੇਗਾ।ਸੀ.ਪੀ.ਆਈ. (ਐੱਮ.- ਐੱਲ.) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਇਹ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਹੋਣ ਵਾਲੇ ਮੁਜ਼ਾਹਰੇ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਵੇਰੇ 11 ਵਜੇ ਇਕੱਠੇ ਹੋ ਕੇ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਆਪਣੇ ਦੇਸ਼ ਫ਼ਲਸਤੀਨ ਦੀ ਪ੍ਰਭੂਸੱਤਾ ਲਈ ਲੜ ਰਹੇ ਲੋਕਾਂ ਨਾਲ ਖੜਨ, ਉਹਨਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਉਣ ਅਤੇ ਇਜ਼ਰਾਈਲੀ ਬੰਬਾਰੀ ਦੇ ਖ਼ਿਲਾਫ਼ ਵਿਸ਼ਾਲ ਲਾਮਬੰਦੀ ਕਰਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਜ਼ਰਾਈਲ ਵਲੋਂ ਗਾਜ਼ਾ ਪੱਟੀ ਵਿੱਚ ਬਿਜਲੀ-ਪਾਣੀ ਬੰਦ ਕਰਕੇ ਲੋਕਾਂ ਨੂੰ ਮਾਨਵੀ ਸਹੂਲਤਾਂ ਤੋਂ ਵਾਂਝੇ ਕਰਕੇ ਮੌਤ ਦੇ ਵਿੱਚ ਧੱਕਿਆ ਜਾ ਰਿਹਾ ਹੈ। ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣ ਨਾਲ ਉਹ ਮੁਰਦਾਘਰ ਬਣੇ ਹੋਏ ਹਨ। ਇਜ਼ਰਾਈਲ ਨੇ ਯੁੱਧ ਦੇ ਸਾਰੇ ਨਿਯਮ ਛਿੱਕੇ ਟੰਗਿਆ ਹੈ ਅਤੇ ਗਾਜ਼ਾ ਪੱਟੀ ਨੂੰ ਖੁੱਲ੍ਹੀ ਜੇਲ੍ਹ ਬਣਾਇਆ ਹੋਇਆ ਹੈ। ਉਹ ਫ਼ਲਸਤੀਨੀਆਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਵਿੱਚ ਖ਼ਤਮ ਕਰਨ ‘ਤੇ ਤੁਲਿਆ ਹੋਇਆ ਹੈ। ਇਜ਼ਰਾਈਲ ਸਰਕਾਰ ਦੇ ਇਹਨਾਂ ਹਮਲਿਆਂ ਦਾ ਇਜ਼ਰਾਈਲ ਦੇ ਅੰਦਰ ਵੀ ਜ਼ੋਰਦਾਰ ਵਿਰੋਧ ਹੋ ਰਿਹਾ ਹੈ।ਲੋਕ ਸਰਕਾਰ ਨੂੰ ਗੈਰ-ਜਮਹੂਰੀ, ਭ੍ਰਿਸ਼ਟ ਤੇ ਜ਼ਾਲਮ ਕਹਿ ਰਹੇ ਹਨ। ਦੁਨੀਆਂ ਭਰ ਵਿੱਚ ਲੋਕਾਂ ਦੀਆਂ ਭੀੜਾਂ ਫ਼ਲਸਤੀਨੀਆਂ ਦੇ ਹੱਕ ਵਿੱਚ ਸੜਕਾਂ ਉਪਰ ਉੱਤਰ ਆਈਆਂ ਹਨ। ਉਨ੍ਹਾਂ ਕਿਹਾ ਕਿ ਯੂ.ਐਨ.ਏ.ਦੇ ਜਨਰਲ ਸਕੱਤਰ ਨੇ ਵੀ ਫ਼ਲਸਤੀਨ ਵਿੱਚ ਆਮ ਲੋਕਾਂ ਨੂੰ ਦੱਖਣੀ ਗਾਜ਼ਾ ਵਿੱਚ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਦਿੱਤੇ ਅਲਟੀਮੇਟਮ ਨਾਲ ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਬੇਘਰ ਕੀਤੇ ਜਾਣ ਨਾਲ ਹੋਣ ਵਾਲੀਆਂ ਮੁਸ਼ਿਕਲਾਂ ਤੇ ਯੂ.ਐਨ.ਏ. ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਅਲੰਬਰਦਾਰੀ ਦਾ ਦਾਅਵਾ ਕਰਨ ਵਾਲੀਆਂ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਫ਼ਲਸਤੀਨੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਪਾਬੰਦੀਆਂ ਲਾਉਣ ਦੇ ਐਲਾਨ ਕੀਤੇ ਹਨ ਪਰ ਇਹਨਾਂ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਫ਼ਲਸਤੀਨੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਫ਼ਲਸਤੀਨ ਵਿੱਚ ਹੋ ਰਹੇ ਮਨੁੱਖੀ ਘਾਣ ਸਮੇਂ ਮੋਦੀ ਵੱਲੋਂ ਇਜ਼ਰਾਈਲ ਨਾਲ ਖੜ੍ਹੇ ਹੋਣ ਦਾ ਅਹਿਦ ਅਤੇ ਭਾਰਤ ਵਲੋਂ ਫ਼ਲਸਤੀਨ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰਾਖੀ ਦੀ ਬਚਨਵੱਧਤਾ ਦਾ ਨਿਖੇਧ ਹੈ।
