

ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਦੀ ਸਖ਼ਤੀ ਤੋਂ ਬਾਅਦ ਜਲੰਧਰ-ਪਾਣੀਪਤ ਕੌਮੀ ਮਾਰਗ ਉੱਪਰ ਦਕੋਹਾ ਨੇੜੇ ਬਣ ਰਹੇ ਫਲਾਈਓਵਰ ਦੇ ਦੋਹੀਂ ਪਾਸੀਂ ਸਰਵਿਸ ਲੇਨਾਂ ਦਾ ਮੁਹਾਂਦਰਾ ਬਦਲ ਗਿਆ ਹੈ। ਸਰਵਿਸ ਲੇਨਾਂ ਦੀ ਮਾੜੀ ਹਾਲਤ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਰਾਹਗੀਰਾਂ ਨੂੰ ਹੁਣ ਵੱਡੀ ਰਾਹਤ ਮਿਲੀ ਹੈ। ਬੀਤੀ 19 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਵਿਖੇ ਕੌਮੀ ਹਾਈਵੇ ਅਥਾਰਟੀ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਰੰਗਲ ਵਲੋਂ ਦਕੋਹਾ ਫਲਾਈਓਵਰ ਦੇ ਦੋਨੋਂ ਪਾਸੇ ਸਰਵਿਸ ਲੇਨਾਂ ਦੀ ਖਸਤਾ ਹਾਲਤ ਦਾ ਗੰਭੀਰ ਨੋਟਿਸ ਲੈਂਦਿਆਂ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸਰਵਿਸ ਲੇਨਾਂ ਨੂੰ 15 ਦਿਨਾਂ ਦੇ ਅੰਦਰ- ਅੰਦਰ ਨਵੇਂ ਰੂਪ ਵਿਚ ਬਣਾਇਆ ਜਾਵੇ । ਪੰਜਾਬ ਦੈਨਿਕ ਨਿਊਜ ਨਾਲ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਦੋਹੀਂ ਪਾਸੀਂ ਸਰਵਿਸ ਲੇਨਾਂ ਬਣਨ ਦੇ ਨਾਲ ਆਵਾਜਾਈ ਨਿਰਵਿਘਨ ਚੱਲ ਰਹੀ ਹੈ ਤੇ ਹਾਦਸਿਆਂ ਦੀ ਸੰਭਾਵਨਾ ਵੀ ਘਟੀ ਹੈ। DC ਸਾਰੰਗਲ ਨੇ ਇਹ ਵੀ ਕਿਹਾ ਕਿ ਦਕੋਹਾ ਫਲਾਈਓਵਰ ਦੇ ਕੰਮ ਵਿਚ ਵੀ ਤੇਜੀ ਲਿਆਉਣ ਲਈ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
