ਚੰਡੀਗੜ੍ਹ (ਪੰਜਾਬ ਦੈਨਿਕ ਨਿਊਜ) ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਫਸਟ ਪੰਜਾਬ ਬਟਾਲੀਅਨ ਐਨ ਸੀ ਸੀ ਵੱਲੋਂ ਨਾਮਧਾਰੀ ਸੰਸਥਾ ਇਸਤਰੀ ਵਿੰਗ ਅਧਿਅਨ ਫਾਊਂਡੇਸ਼ਨ ਅਤੇ ਬਾਲ ਪ੍ਰੇਰਨਾ ਕੇਂਦਰ ਛੇਹਰਟਾ ਦੇ ਸਹਿਯੋਗ ਦੇ ਨਾਲ ਖਾਲਸਾ ਸਾਜਨਾ ਦਿਵਸ,ਡਾਕਟਰ ਬੀ ਆਰ ਅੰਬੇਦਕਰ ਜੈਅੰਤੀ, ਵਿਸਾਖੀ ਅਤੇ ਜਲਿਆਂਵਾਲਾ ਬਾਗ਼ ਖੂਨੀ ਸਾਕੇ ਦੇ ਸਬੰਧੀ ਭਾਸ਼ਣ,ਚਾਰਟ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਛੇਹਰਟਾ ਨੇ ਦੱਸਿਆ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤੀ ਪ੍ਰਥਾ ਖਤਮ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ| | ਇਸੇ ਦਿਨ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਵੀ ਵਿਦਿਆਰਥੀ ਮਨਾ ਰਹੇ ਹਨ| ਡਾਕਟਰ ਭੀਮ ਰਾਓ ਅੰਬੇਦਕਰ ਨੇ ਸਮਾਜ ਵਿੱਚੋਂ ਸਮਾਜਿਕ ਅਸਮਾਨਤਾ ਨੂੰ ਖਤਮ ਕਰਨ ਦੇ ਲਈ ਬਹੁਤ ਅਹਿਮ ਰੋਲ ਅਦਾ ਕੀਤਾ| ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ| ਵਿਸਾਖੀ ਦੇ ਦਿਹਾੜੇ ਦੇ ਦਿਨ ਕਿਸਾਨ ਕਣਕ ਦੀ ਵਾਢੀ ਸ਼ੁਰੂ ਕਰਦੇ ਹਨ| ਇਸੇ ਦਿਨ ਅੰਮ੍ਰਿਤਸਰ ਵਿਖੇ ਰੋਲਟ ਐਕਟ ਦੇ ਖਿਲਾਫ ਜਲਿਆਂਵਾਲਾ ਬਾਗ ਵਿਖੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਵਾਲੇ ਲੋਕਾਂ ਤੇ ਅੰਗਰੇਜ਼ਾਂ ਦੁਆਰਾ ਗੋਲੀਆਂ ਚਲਾ ਕੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ| ਜਿਸ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਓਡਵਾਇਰ ਨੂੰ ਮਾਰ ਕੇ ਲਿਆ| ਹਿੰਦੂ ਕਲੰਡਰ ਦੇ ਅਨੁਸਾਰ ਅੱਜ ਤੋਂ ਨਵਾਂ ਸਾਲ ਦੀ ਸ਼ੁਰੂਆਤ ਹੁੰਦੀ ਹੈ| ਇਨ੍ਹਾਂ ਮੁਕਾਬਲਿਆਂ ਦੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀਮਤੀ ਭੁਪਿੰਦਰ ਕੌਰ ਪ੍ਰਧਾਨ ਨਾਮਧਾਰੀ ਸੰਸਥਾ ਇਸਤਰੀ ਵਿੰਗ ਅਧਿਅਨ ਫਾਊਂਡੇਸ਼ਨ,ਸ੍ਰੀਮਤੀ ਦਲਜੀਤ ਕੌਰ,ਸ੍ਰੀ ਜਸਵੰਤ ਰਾਏ,ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉੱਪਲ,ਐੱਨਸੀਸੀ ਅਫਸਰ ਰਕੇਸ ਸਿੰਘ ਅਤੇ ਸੁਖਪਾਲ ਸਿੰਘ ਹਾਜ਼ਰ ਸਨ|