

ਜਲੰਧਰ 16 ਮਾਰਚ, (ਪੰਜਾਬ ਦੈਨਿਕ ਨਿਊਜ) ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵਲੋਂ ਸੰਘਰਸ਼ ਦੀ ਅਗਲੀ ਕੜੀ ਵਜੋਂ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਦਾ ਘੇਰਾਓ ਕਰਕੇ ਮੁੱਖ ਮੰਤਰੀ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਪੁਤਲਾ ਸਾੜਿਆ ਗਿਆ!ਇਸ ਮੌਕੇ ਪ੍ਦਰਸ਼ਨਕਾਰੀਆਂ ਵਲੋਂ ਟਰੱਸਟ ਦੇ ਦਫ਼ਤਰ ਅੱਗੇ ਸੜਕ ਵਿੱਚ ਬੈਠ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਨੰਨੇ ਮੁੰਨੇ ਬੱਚਿਆਂ ਤੋਤਲੀ ਆਵਾਜ਼ ਵਿੱਚ ਨਾਅਰੇਬਾਜੀ ਕਰਦਿਆਂ ਕਿਹਾ “ਜਗਤਾਰ ਸੰਘੇਲਾ ਮੁਰਦਾਬਾਦ। ਇਹ ਘੇਰਾਓ ਦੁਪਹਿਰ 1 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਖ਼ਤਮ ਹੋਇਆ।ਇਸ ਮੌਕੇ ਆਗੂਆਂ ਨੇ ਕਿਹਾ ਕਿ ਅੰਤਿਮ ਜਿੱਤ ਤੱਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਹਰਾ ਦੇ ਕੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੱਤਾ ਵਿੱਚ ਆਈ ਸੂਬਾ ਸਰਕਾਰ ਦੀ ਇੱਕ ਸਾਲ ਦੀ ਪ੍ਰਾਪਤੀ ਲਤੀਫ਼ਪੁਰਾ ਦਾ ਉਜਾੜਾ ਹੈ! ਉਨ੍ਹਾਂ ਕਿਹਾ ਜ਼ੀਰਾ ਮੋਰਚਾ,ਬੰਦੀ ਸਿੰਘਾ ਦੀ ਰਿਹਾਈ ਲਈ ਚੰਡੀਗੜ੍ਹ ਮੋਰਚਾ,ਮਲੇਰਕੋਟਲਾ ਪਾਣੀ ਲਈ ਮੋਰਚਾ,ਪਟਿਆਲਾ ਵਿਦਿਆਰਥੀਆਂ ਦਾ ਮੋਰਚਾ,ਲਤੀਫ਼ਪੁਰਾ ਮੋਰਚਾ ਆਦਿ ਇਹ ਸਿੱਧ ਕਰਦਾ ਹੈ ਕਿ ਸਮਾਜ ਦਾ ਹਰ ਵਰਗ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ਼ ਸੰਘਰਸ਼ ਦੇ ਮੈਦਾਨ ਵਿੱਚ ਹਨ ਅਤੇ ਭਗਵੰਤ ਸਿੰਘ ਮਾਨ ਦੀ ਪੂਰੇ ਇੱਕ ਸਾਲ ਦੀ ਪ੍ਰਾਪਤੀ ਜੀਰੋ ਹੈ। ਭਗਵੰਤ ਸਿੰਘ ਮਾਨ ਸਰਕਾਰ ਬੇਸ਼ਰਮੀ ਦੀਆਂ ਹੱਦਾਂ ਬੰਨੇ ਪੂਰੀ ਤਰ੍ਹਾਂ ਪਾਰ ਕਰ ਚੁੱਕੀ ਹੈ । ਲਤੀਫ਼ਪੁਰਾ ਮੋਰਚਾ ਉੱਪਰ 98 ਦਿਨ ਤੋਂ ਲੋਕ ਭਗਵੰਤ ਮਾਨ ਸਰਕਾਰ ਨੂੰ ਲਾਹਨਤਾਂ ਪਾ ਰਹੇ ਹਨ ਪ੍ਰੰਤੂ ਸਰਕਾਰ ਦੀ ਅਜੇ ਤੱਕ ਜਾਗ ਨਹੀਂ ਖੁੱਲ੍ਹੀ,ਜਿਸ ਕਾਰਨ ਲੋਕਾਂ ਦੇ ਮਨਾ ਵਿੱਚ ਦਿਨੋ ਦਿਨ ਗੁੱਸਾ ਹੋਰ ਵੱਧ ਰਿਹਾ ਹੈ।ਉਨ੍ਹਾਂ ਪ੍ਰਸ਼ਾਸ਼ਨ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਵਲੋਂ ਲਤੀਫ਼ਪੁਰਾ ਮੋਰਚਾ ਨੂੰ ਤੋੜਨ ਲਈ ਘਟੀਆਂ ਹਰਕਤਾਂ ਕਰਨ ਦੀ ਤਿੱਖੇ ਸ਼ਬਦਾ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਲਤੀਫ਼ਪੁਰਾ ਦੇ ਉਜਾੜੇ ਲੋਕਾਂ ਦਾ ਮੁੜ ਉਸ ਜਗ੍ਹਾ ਵਸੇਬਾ ਕਰਵਾਉਣ ਅਤੇ ਉਹਨਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦਿਵਾਉਣ ਤੱਕ ਮੋਰਚਾ ਜਾਰੀ ਰਹੇਗਾ।ਉਧਰ ਲਗਾਤਾਰ ਮੋਰਚਾ 98 ਦਿਨ ਵਿੱਚ ਸ਼ਾਮਿਲ ਰਿਹਾ ਅਤੇ 31 ਵੇਂ ਦਿਨ ਲਖਵੀਰ ਸਿੰਘ ਸੌਂਟੀ ਤੇ ਮਨਦੀਪ ਕੌਰ ਸੰਧੂ ਭੁੱਖ ਹੜਤਾਲ ‘ਤੇ ਬੈਠੇ।ਇਸ ਮੌਕੇ ਮੋਰਚੇ ਦੇ ਆਗੂਆ ਨੇ 27 ਮਾਰਚ ਨੂੰ ਆਪ ਆਗੂ ਅਤੇ ਕਰਤਾਰਪੁਰ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਦੇ ਘਰ ਅੱਗੇ ਧਰਨਾ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ।ਇਸ ਮੌਕੇ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਆਗੂ ਸੰਤੋਖ ਸਿੰਘ ਸੰਧੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਡਾਕਟਰ ਗੁਰਦੀਪ ਸਿੰਘ ਭੰਡਾਲ,ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਬਖਸ਼ ਸਿੰਘ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਸੁਖਜੀਤ ਸਿੰਘ ਡਰੋਲੀ,ਹੰਸ ਰਾਜ ਪੱਬਵਾਂ, ਪਰਮਜੀਤ ਸਿੰਘ ਜੱਬੋਵਾਲ,ਹਰਜਿੰਦਰ ਕੌਰ,ਬਲਜਿੰਦਰ ਕੌਰ,ਰੀਟਾ ਦੇਵੀ, ਗੁਰਮੁੱਖ ਸਿੰਘ ਜਲੰਧਰੀ ਆਦਿ ਨੇ ਸੰਬੋਧਨ ਕੀਤਾ।
