ਜਲੰਧਰ,20 ਦਸੰਬਰ ( PUNJAB DAINIK NEWS ) ਲਤੀਫ਼ ਪੁਰਾ ਮੁੜ ਵੇਸੇਬਾ ਮੋਰਚਾ ਵਲੋਂ ਸ਼ਹਿਰ ਵਿੱਚ ਵਿਸ਼ਾਲ ਮੁਜ਼ਾਹਰਾ ਕਰਕੇ ਐਲਾਨ ਕੀਤਾ ਗਿਆ ਕਿ ਜੇਕਰ ਅਜੇ ਵੀ ਉਜਾੜੇ ਲੋਕਾਂ ਨੂੰ ਮੁੜ ਲਤੀਫ਼ਪੁਰਾ ਵਿਖੇ ਨਾ ਵਸਾਇਆ ਅਤੇ ਬਣਦਾ ਮੁਆਵਜ਼ਾ ਨਾ ਦਿੱਤਾ ਤਾਂ 1 ਜਨਵਰੀ ਨੂੰ ਪੀਏਪੀ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਅਤੇ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।ਇਹ ਐਲਾਨ ਲਤੀਫ਼ਪੁਰਾ ਮੁੜ ਵੇਸੇਬਾ ਮੋਰਚਾ ਦੀ ਕਮੇਟੀ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ,ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਤਰਸੇਮ ਸਿੰਘ ਵਿੱਕੀ ਜੈਨਪੁਰ,ਸੰਤੋਖ ਸਿੰਘ ਸੰਧੂ,ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਮਹਿੰਦਰ ਸਿੰਘ ਬਾਜਵਾ ਵਲੋਂ ਮੋਰਚੇ ਵਲੋਂ ਕੀਤਾ।ਅੱਜ ਲਤੀਫ਼ਪੁਰਾ ਤੋਂ ਸ਼ੁਰੂ ਹੋਇਆ ਮੁਜ਼ਾਹਰਾ,ਮਾਡਲ ਟਾਊਨ ਮਾਰਕੀਟ, ਗੁਰੂਦਵਾਰਾ ਸਿੰਘ ਸਭਾ,ਮਿਲਕ ਬਾਰ ਚੌਂਕ, ਮਸੰਦ ਚੌਂਕ,ਗੁਰੂ ਨਾਨਕ ਮਿਸ਼ਨ ਚੌਂਕ, ਨਕੋਦਰ ਚੌਂਕ,ਜੋਤੀ ਚੌਂਕ,ਕੰਪਨੀ ਬਾਗ ਚੌਂਕ,ਸਕਾਈਲਾਰਕ ਚੌਂਕ ਤੋਂ ਹੁੰਦਾ ਹੋਇਆ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਸਮਾਪਤ ਹੋਇਆ। ਜਿੱਥੇ ਮੁਜ਼ਾਹਰੇ ਦੀ ਸਮਾਪਤੀ ਤੋਂ ਪਹਿਲਾਂ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਕਿਸਾਨ, ਮਜ਼ਦੂਰ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕਰਕੇ ਪੀੜਤ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।ਇਸ ਮੌਕੇ ਉਨ੍ਹਾਂ ਕਿਹਾ ਕਿ ਵੱਸਦੇ ਲੋਕਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾਉਣ ਤੋਂ ਪਹਿਲਾਂ ਕੋਈ ਵੀ ਬਦਲਵੇਂ ਵਸੇਬੇ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਉਜਾੜੇ ਲੋਕਾਂ ਨੂੰ ਖੁੱਲ੍ਹੇ ਅਸਮਾਨ ਹੇਠ ਸੜਕਾਂ ਉੱਪਰ ਰੁਲਣ ਲਈ ਮਜ਼ਬੂਰ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਮਾਫ਼ੀਆ ਪੱਖੀ, ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਹੀ ਹੈ।ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਅਜੇ ਵੀ ਨਹੀਂ ਹੋਸ਼ ਨਾ ਆਈ ਤਾਂ 1 ਜਨਵਰੀ ਦੇ ਹਾਈਵੇ ਜਾਮ ਵਿੱਚ ਅੱਜ ਤੋਂ ਵੀ ਵੱਡੀ ਗਿਣਤੀ ਲੋਕ ਸ਼ਾਮਲ ਹੋਣਗੇ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਉਹ 21 ਦਸੰਬਰ ਦੀ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਮੀਟਿੰਗ ਵਿੱਚ ਵੀ ਲਤੀਫ਼ਪੁਰਾ ਦਾ ਮਸਲਾ ਉਠਾਉਣਗੇ।ਲਤੀਫ਼ਪੁਰਾ ਮੁੜ ਵੇਸੇਬਾ ਮੋਰਚਾ ਕਮੇਟੀ ਦੀ ਅਗਵਾਈ ਹੇਠ ਮੋਰਚਾ ਲਗਾਤਾਰ ਜਾਰੀ ਹੈ, ਮੋਰਚੇ ਉੱਤੇ ਪੀੜਤਾਂ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਅਤੇ ਹੋਰ ਮਿਹਨਤੀ ਲੋਕ ਡਟੇ ਰਹੇ।ਇਸ ਮੌਕੇ ਮੁਜ਼ਾਹਰੇ ਵਿੱਚ ਕਿਰਤੀ ਕਿਸਾਨ ਯੂਨੀਅਨ, ਬੀਕੇਯੂ (ਰਾਜੇਵਾਲ),ਪੀਕੇਯੂ (ਬਾਗੀ), ਬੀਕੇਯੂ (ਕਾਦੀਆਂ), ਬੀਕੇਯੂ (ਸਿੱਧੂਪੁਰ), ਕਿਸਾਨ ਯੂਨੀਅਨ ਅੰਮ੍ਰਿਤਸਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਸਤਰੀ ਜਾਗ੍ਰਿਤੀ ਮੰਚ, ਪੰਜਾਬ ਸਟੂਡੈਂਟਸ ਯੂਨੀਅਨ ਆਦਿ ਜਥੇਬੰਦੀਆਂ ਦੇ ਵੱਡੀ ਗਿਣਤੀ ਸਾਥੀਆਂ ਤੋਂ ਇਲਾਵਾ ਪੀੜਤ ਪਰਿਵਾਰ ਤੇ ਹੋਰ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ।
