ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ ਦੀ ਕੱਲ 10 ਜੁਲਾਈ ਨੂੰ ਹੋਣ ਜਾ ਰਹੀ ਉਪ ਚੋਣ ਲਈ ਮੰਗਲਵਾਰ ਨੂੰ 181 ਪੋਲਿੰਗ ਪਾਰਟੀਆਂ ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸਥਾਪਤ ਡਿਸਪੈਚ ਸੈਂਟਰ ਤੋਂ ਵੋਟਿੰਗ ਮਸ਼ੀਨਾਂ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਮਨੀ ਚੋਣ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੇ ਕੁੱਲ 171963 ਵੋਟਰਾਂ, ਜਿਨ੍ਹਾਂ ਵਿੱਚ 89629 ਪੁਰਸ਼, 82326 ਮਹਿਲਾ ਅਤੇ 08 ਥਰਡ ਜੈਂਡਰ ਵੋਟਰ ਸ਼ਾਮਲ ਹਨ, ਦੀ ਸਹੂਲਤ ਲਈ 181 ਪੋਲਿੰਗ ਬੂਥ ਬਣਾਏ ਗਏ ਹਨ। ਉਪ ਚੋਣ ਲਈ ਵੋਟਾਂ 10 ਜੁਲਾਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।
