ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਦੇ ਸੱਚਖੰਡ ਸ਼੍ਰੀ ਬੱਲਾਂ ਵਿਖੇ ਅੱਜ ਅਮਰ ਸ਼ਹੀਦ ਸੰਤ ਰਾਮਾ ਨੰਦ ਮਹਾਰਾਜ ਜੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿੱਥੇ ਅਮਰ ਸ਼ਹੀਦ ਸੰਤ ਬਾਬਾ ਰਾਮਾਨੰਦ ਮਹਾਰਾਜ ਦੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਆਪਣੀ ਮਧੁਰ ਅਤੇ ਪ੍ਰਭਾਵਸ਼ਾਲੀ ਅਵਾਜ ਨਾਲ ਕੀਰਤਨ ਕਰਕੇ ਇਲਾਹੀ ਬਾਣੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਅਤੇ ਵਿਸ਼ਵ ਭਰ ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਨੂੰ ਸ਼ਰਧਾਂਜਲੀ ਦੇਣ ਲਈ ਜਲੰਧਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਪਹੁੰਚੇ। ਉਨ੍ਹਾਂ ਨੇ ਉਥੇ ਪਹੁੰਚ ਸੰਤ ਸ਼੍ਰੀ ਨਿਰੰਜਨ ਦਾਸ ਜੀ ਤੋਂ ਆਸ਼ੀਰਵਾਦ ਲਿਆ ਅਤੇ ਸ਼ਰਧਾਂਜਲੀ ਸਮਾਗਮ ਵਿਚ ਚੱਲ ਰਹੇ ਗੁਰਬਾਣੀ ਕੀਰਤਨ ਸੁਣਿਆ। ਤੁਹਾਨੂੰ ਦੱਸ ਦੀਏ ਕਿ ਸੰਤ ਰਾਮਾ ਨੰਦ ਜੀ ਇੱਕ ਅਣਥੱਕ ਅਤੇ ਦ੍ਰਿੜ ਇਰਾਦੇ ਵਾਲੇ ਯੋਧੇ ਸਨ, ਜਿਨ੍ਹਾਂ ਨੇ ਕਦੇ ਵੀ ਥਕਾਵਟ ਜਾਂ ਪਰੇਸ਼ਾਨੀ ਮਹਿਸੂਸ ਕੀਤੇ ਬਿਨਾਂ ਮਿਸ਼ਨਰੀ ਕਾਰਜਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕੀਤਾ। ਉਹ ਅਕਸਰ ਕਿਹਾ ਕਰਦੇ ਸਨ ਕਿ “ਮਹਾਰਾਜ ਜੀ ਦੀ ਸੇਵਾ ਵਿੱਚ ਜੋ ਸਮਾਂ ਲਗਾ ਸਕਦੇ ਹੋ, ਉਹੀ ਲਾਭਦਾਇਕ ਹੈ, ਕੋਈ ਨਹੀਂ ਜਾਣਦਾ ਕਿ ਕੋਈ ਮੌਕਾ ਦੁਬਾਰਾ ਮਿਲੇਗਾ ਜਾਂ ਨਹੀਂ”। ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਸੰਤ ਰਾਮਾ ਨੰਦ ਜੀ ਭਾਵੇਂ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੇ ਨੇਕ ਵਿਚਾਰ ਸਾਨੂੰ ਸਹੀ ਰਸਤੇ ‘ਤੇ ਲੈ ਜਾਣ ਲਈ ਹਮੇਸ਼ਾ ਸਾਡੇ ਨਾਲ ਰਹਿਣਗੇ।